ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ ਫਰਿਜ਼ਨੋਂ

ਵਿਸ਼ਵ ਪੰਜਾਬੀ ਭਾਈਚਾਰਾ

ਪੰਜਾਬੀ ਕਲਚਰਲ ਸੈਂਟਰ ਯੂਐੱਸਏ ਫਰਿਜ਼ਨੋਂ ਅਸਲ ਵਿੱਚ ਪਿਛਲੇ ਲਗਭਗ ਇੱਕ ਦਹਾਕੇ ਤੋਂ ਪੰਜਾਬੀ ਭਾਈਚਾਰੇ ਦੀ ਸੇਵਾ ਵਿੱਚ ਲੱਗੇ ਆ ਰਹੇ ਪੰਜਾਬੀ ਰੇਡੀਓ ਯੂ.ਐਸ.ਏ ਦਾ ਹੀ ਨਵਾਂ ਪ੍ਰਾਜੈਕਟ ਹੈ।
ਇਸਦਾ ਮੁੱਖ ਮਕਸਦ ਕੈਲੀਫੋਰਨੀਆਂ ਵਿਚਲੇ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਫਰਿਜ਼ਨੋਂ ਅਤੇ ਆਸ ਪਾਸ ਦੇ ਸ਼ਹਿਰਾਂ ਵਿਚਲੇ ਅਪਣੇ ਭਾਈਚਾਰੇ ਨੂੰ ਅਪਣੀਆਂ ਸਮਾਜਿਕ, ਸਭਿਆਚਾਰਕ, ਸਾਹਿਤਕ, ਵਿਦਿਅਕ ਅਤੇ ਹੋਰ ਕਲਾਤਮਕ ਸਰਗਰਮੀਆਂ ਦੀ ਪੂਰਤੀ ਵਾਸਤੇ ਇੱਕ ਵਧੀਆ ਤੇ ਬਹੁਮੰਤਵੀ ਮੰਚ ਮੁਹੱਈਆ ਕਰਨਾ ਹੈ।

ਦੁਨੀਆ ਦੇ ਵੱਖ ਵੱਖ ਭਾਗਾਂ ਵਿੱਚ ਰਹਿ ਰਹੇ ਬੇਹੱਦ ਉੱਦਮੀ ਅਤੇ ਮੇਹਨਤੀ ਪੰਜਾਬੀ ਨੂੰ ਖੁਸ਼ਹਾਲ ਅਤੇ ਤਰੱਕੀਯਾਫਤਾ ਕੌਮਾਂ ਦੇ ਮੁਕਾਬਲੇ ਹਰ ਪੱਖੋਂ ਸਮਰੱਥ ਬਣਾ ਕੇ ਸਮਾਜਿਕ ਅਤੇ ਰਾਜਸੀ ਖੇਤਰਾਂ ਵਿੱਚ ਸਨਮਾਨਜਨਕ ਸਥਾਨ ਦਿਵਉਣ ਲਈ ਸਾਨੂੰ ਅਪਣੀਆਂ ਸੰਸਥਾਵਾਂ ਕਾਇਮ ਕਰਨ ਦੀ ਸਖ਼ਤ ਲੋੜ ਹੈ। ਨਵਿਆਂ ਸਮਾਜਾਂ ਵਿੱਚ ਜਾ ਕੇ ਵਸਣ ਬਾਅਦ ਪੰਜਾਬੀਆਂ ਨੇ ਅਪਣੀਆਂ ਰੂਹਾਨੀ ਤੇ ਧਾਰਮਿਕ ਲੋੜਾਂ ਦੀ ਪੂਰਤੀ ਲਈ ਵੱਡੀ ਪੱਧਰ ਉੱਤੇ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਲਈ ਬਹੁਤ ਹੀ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ। ਲਗਭਗ ਹਰ ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਸਰਗਰਮੀਆਂ ਤੋਂ ਇਲਾਵਾ ਸਮਾਜਿਕ ਕਾਰਜਾਂ ਖਾਸ ਕਰ ਖੁਸ਼ੀ ਅਤੇ ਗਮੀ ਦੇ ਮੌਕੇ ਇਕੱਤਰ ਹੋਣ ਦੇ ਵੀ ਪ੍ਰਬੰਧ ਅਤੇ ਸਹੁਲਤਾਂ ਹਨ। ਬਹੁਤ ਸਾਰੇ ਥਾਈਂ ਪੰਜਾਬੀ ਬੋਲੀ ਅਤੇ ਗੁਰਮੁੱਖੀ ਪੜਾਉਣ ਤੇ ਸਿਖਾਉਣ ਦੇ ਵੀ ਪ੍ਰਬੰਧ ਹਨ। ਇਸਤੋਂ ਇਲਾਵਾ ਬੱਚਿਆਂ ਦੇ ਗੁਰਮਤ ਕੈਂਪ ਲਾਉਣ ਅਤੇ ਖੇਡਾਂ ਲਈ ਵੀ ਮੌਕੇ ਪ੍ਰਦਾਨ ਕੀਤੇ ਜਾਣਾ ਵੀ ਸਰਾਹੁਣਯੋਗ ਉਪਰਾਲੇ ਹਨ। ਪਰ ਗੁਰੂ ਘਰਾਂ ਦੀਆਂ ਅਪਣੀਆਂ ਮਰਿਯਾਦਾਵਾਂ ਕਾਰਨ ਬਹੁਤ ਸਾਰੀਆਂ ਸਰਗਰਮੀਆਂ ਦਾ ਪ੍ਰਬੰਧ ਕੀਤੇ ਜਾਣਾ ਸੰਭਵ ਨਹੀਂ ਹੁੰਦਾ। ਉਪਰੋਕਤ ਪਹਿਲੂਆਂ ਨੂੰ ਧਿਆਨ ਵਿੱਚ ਰਖਦਿਆਂ ਸਾਡੇ ਭਾਈਚਾਰੇ ਨੂੰ ਵੱਡੀ ਪੱਧਰ ਉੱਤੇ ਅਪਣੇ ਕਮਿਉਨਿਟੀ ਸੈਂਟਰ ਅਤੇ ਕਲਚਰਲ ਸੈਂਟਰ ਸਥਾਪਤ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ।

ਮਕਸਦ ਅਤੇ ਨਿਸ਼ਾਨੇ

ਇਸੇ ਆਸ਼ੇ ਨੂੰ ਮੁੱਖ ਰੱਖਦਿਆਂ ਪੰਜਾਬੀ ਰੇਡੀਓ ਯੂਐਂਏ ਨੇ ਨਿਮਾਣੇ ਜਿਹੇ ਯਤਨ ਵਜੋਂ ਪੰਜਾਬੀ ਕਲਚਰਲ ਸੈਂਟਰ ਯੂਐੱਸਏ ਸਥਾਪਤ ਕੀਤਾ ਹੈ। ਇਹ ਕੇਂਦਰ ਭਾਈਚਾਰਕ ਸਹਿਯੋਗ ਵਧਾਉਣ ਲਈ ਸਾਂਝੀਆਂ ਸਰਗਰਮੀਆਂ ਨੂੰ ਹੋਰ ਤੇਜ ਕਰਨ ਵਿੱਚ ਸਹਾਈ ਹੋਵੇਗਾ ਹੈ। ਇਹ ਹਰ ਉਮਰ ਦੇ ਪੰਜਾਬੀਆਂ ਦੇ ਵਿਹਲੇ ਸਮੇਂ ਨੂੰ ਉਸਾਰੂ ਸਰਗਰਮੀਆਂ ਵਿੱਚ ਲਾਉਣ ਲਈ ਸਾਂਝੇ ਪਲੇਟਫਾਰਮ ਵਜੋਂ ਕੰਮ ਕਰੇਗਾ। ਇਹ ਸਾਰੇ ਕੰਮ ਲਈ ਰੇਡੀਓ ਪੰਜਾਬੀ ਯੂਐੱਸਏ ਦਾ ਪੂਰਾ ਸਹਿਯੋਗ ਹੋਵੇਗਾ ਤੇ ਇਹ ਕੇਂਦਰ ਰੇਡੀਓ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਸਹਾਈ ਵੀ ਹੋਵੇਗਾ। ਮੁੱਖ ਮਕਸਦ ਕਮਿਉਨਿਟੀ ਲਈ ਸਾਂਝਾ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ, ਜਿਸਦੀ ਫਰਿਜ਼ਨੋਂ ਏਰੀਏ ਦੇ ਵਾਸੀ, ਭਾਵੇਂ ਵੱਖ ਵੱਖ ਸੋਚ ਰੱਖਦੇ ਹੋਣ, ਅਪਣੇ ਸਭਿਆਚਾਰਕ, ਵਿਦਿਅਕ ਤੇ ਪਰਿਵਾਰਕ ਮੰਤਵਾਂ ਲਈ ਵਰਤੋਂ ਕਰ ਸਕਣਾ।

20 ਅਪ੍ਰੈਲ 2019 ਸ਼ਾਮੀਂ ਸਭਿਆਚਾਰਕ ਸ਼ਾਮ ਦੇ ਰੂਪ ‘ਚ ਇਸਦੇ ਉਦਘਾਟਨ ਮੌਕੇ ਪੰਜਾਬੀ ਭਾਈਚਾਰੇ ਦੇ 500 ਤੋਂ ਵੱਧ ਮੈਂਬਰਾਂ ਦੀ ਸ਼ਮੂਲੀਅਤ ਨੂੰ ਅਜਿਹੇ ਸੈਂਟਰ ਸਥਾਪਤ ਕੀਤੇ ਜਾਣ ਦੀ ਲੋੜ ਲਈ ਭਾਰੀ ਉਤਸ਼ਾਹਜਨਕ ਹੁੰਗਾਰੇ ਵਜੋਂ ਵੇਖਿਆ ਜਾ ਸਕਦਾ ਹੈ।

Copyright © 2019 by Punjabi Cultural Center USA. All rights reserved.Designed By Eyd Infotech .